ਈਸਾ ਖ਼ਾਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਈਸਾ ਖ਼ਾਨ : ਅਠਾਰ੍ਹਵੀਂ ਸਦੀ ਦੇ ਅਰੰਭ ਦਾ ਮੰਝ ਕਬੀਲੇ ਦਾ ਮੁਸਲਮਾਨ ਰਾਜਪੂਤ ਮੁਖੀ ਜੋ ਜੈਸਲਮੇਰ ਦੇ ਸ਼ਹਿਜ਼ਾਦਾ ਕੈਲੋਂ ਦਾ ਆਪਣੇ ਆਪ ਨੂੰ ਉਤਰਾਧਿਕਾਰੀ ਕਹਾਉਂਦਾ ਸੀ। ਇਸ ਨੇ 1425 ਵਿਚ ਪੰਜਾਬ ਵਿਚ ਆਪਣੇ ਲਈ ਇਕ ਛੋਟੀ ਜਿਹੀ ਵਖਰੀ ਰਿਆਸਤ ਬਣਾ ਲਈ ਸੀ। ਮੁਸਲਮਾਲਾਂ ਦੇ ਹਮਲਿਆਂ ਸਮੇਂ ਇਸ ਇਲਾਕੇ ਦੇ ਕਈ ਹੋਰ ਰਾਜਪੂਤਾਂ ਵਾਂਗ ਕੈਲੋਂ ਦੇ ਵੰਸ਼ਜਾਂ ਨੇ ਇਸਲਾਮ ਨੂੰ ਆਪਣੇ ਧਰਮ ਦੇ ਤੌਰ ਤੇ ਸਵੀਕਾਰ ਕਰ ਲਿਆ ਸੀ। ਈਸਾ ਖ਼ਾਨ ਦਾ ਦਾਦਾ ਅਤੇ ਪਿੱਛੋਂ ਇਸ ਦਾ ਪਿਤਾ ਦੌਲਤ ਖ਼ਾਨ, ਲੁਟੇਰਿਆਂ ਦੇ ਇਕ ਦਸਤੇ ਦਾ ਸਰਦਾਰ ਰਿਹਾ ਸੀ। ਈਸਾ ਖ਼ਾਨ ਨੇ ਕਿਸੇ ਤਰ੍ਹਾਂ ਸਤਲੁਜ ਦਰਿਆ ਦੇ ਖੱਬੇ ਕੰਢੇ ਤੇ ਇਕ ਵਡੇ ਖੇਤਰ ਤੇ ਕਬਜ਼ਾ ਕਰ ਲਿਆ ਅਤੇ ਆਪ ਇਸ ਦਾ ਮੁਖੀ ਬਣ ਗਿਆ। 1700 ਵਿਚ ਇਸ ਨੇ ਅਜੋਕੇ ਫਿਰੋਜ਼ਪੁਰ ਜ਼ਿਲੇ ਵਿਚ ਕੋਟ ਈਸਾ ਖ਼ਾਨ ਦੀ ਨੀਂਹ ਰੱਖੀ ਪਰੰਤੂ ਇਸ ਦਾ ਸਦਰ ਮੁਕਾਮ ਤਿਹਾੜਾ ਵਿਚ ਸੀ ਜੋ ਅੱਜ-ਕੱਲ੍ਹ ਲੁਧਿਆਣਾ ਜ਼ਿਲੇ ਵਿਚ ਇਕ ਪੁਰਾਣਾ ਪਿੰਡ ਹੈ। ਔਰੰਗਜ਼ੇਬ ਦੇ ਦੋ ਲੜਕਿਆਂ ਵਿਚ ਗੱਦੀ ਲਈ ਲੜੀ ਗਈ ਜਾਜੋਂ ਦੀ ਲੜਾਈ (1707) ਵਿਚ ਈਸਾ ਖ਼ਾਨ ਨੇ ਸ਼ਹਿਜ਼ਾਦਾ ਮੁਅਜ਼ਮ ਨੂੰ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਜਿਸਨੇ ਪਿੱਛੋਂ ਬਹਾਦਰ ਸ਼ਾਹ ਬਾਦਸ਼ਾਹ ਬਣ ਕੇ ਇਸ ਨੂੰ ਇਕ ਛੋਟੇ ਜਿਹੇ ਮਨਸਬਦਾਰ ਤੇ ਤੌਰ ਤੇ ਰੱਖ ਲਿਆ ਸੀ।

    ਫ਼ਰੀਦਕੋਟ ਦੇ ਸ਼ਾਹੀ ਘਰਾਣੇ ਦਾ ਪੂਰਵਜ ਕੋਟਕਪੂਰੇ ਦਾ ਕਪੂਰਾ ਬਰਾੜ ਵੀ ਜੈਸਲਮੇਰ ਦੇ ਸ਼ਾਹੀ ਪਰਵਾਰ ਵਿਚੋਂ ਹੋਣ ਦਾ ਦਾਹਵਾ ਕਰਦਾ ਸੀ ਅਤੇ ਸਤਲੁਜ ਤੋਂ ਉਰਾਰ ਦੇ ਖੇਤਰ ਵਿਚ ਗੱਦੀ ਲਈ ਈਸਾ ਖ਼ਾਨ ਦਾ ਵਿਰੋਧੀ ਸੀ। ਜਦੋਂ ਈਸਾ ਖ਼ਾਨ ਨੇ ਵੇਖਿਆ ਕਿ ਕਪੂਰਾ ਉਸ ਤੋਂ ਬਲਸ਼ਾਲੀ ਹੈ ਤਾਂ ਇਸ ਨੇ ਇਕ ਵਿਉਂਤ ਬਣਾਈ ਅਤੇ ਇਸ ਵਿਉਂਤ ਅਨੁਸਾਰ ਇਸ ਨੇ ਉਸ ਨਾਲ ਦੋਸਤੀ ਗੰਢ ਲਈ। ਈਸਾ ਖ਼ਾਨ ਨੇ ਇਕ ਵਾਰੀ ਕਪੂਰੇ ਨੂੰ ਆਪਣੇ ਘਰ ਬੁਲਾਇਆ ਅਤੇ ਧੋਖੇ ਨਾਲ ਉਸ ਨੂੰ 1708 ਵਿਚ ਮਾਰ ਦਿੱਤਾ।

    ਬਹਾਦਰ ਸ਼ਾਹ ਦੇ ਹਿੰਦੁਸਤਾਨ ਦਾ ਬਾਦਸ਼ਾਹ ਬਣਨ ਨਾਲ ਈਸਾ ਖ਼ਾਨ ਦੀ ਕਿਸਮਤ ਚਮਕੀ। ਇਸ ਨੇ ਜਲੰਧਰ ਦੇ ਫ਼ੌਜਦਾਰ ਨਾਲ ਮਿਲ ਕੇ, ਉਸ ਸਮੇਂ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਵਿਚਰ ਰਹੇ ਸਿੱਖਾਂ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ। ਬਹਾਦਰ ਸ਼ਾਹ ਦੀ ਮੌਤ ਉਪਰੰਤ ਗੱਦੀ ਲਈ ਜੋ ਜੰਗ ਛਿੜਿਆ ਇਸ ਵਿਚ ਈਸਾ ਖ਼ਾਨ ਨੇ ਜੇਤੂ ਜਹਾਂਦਾਰ ਖ਼ਾਨ ਦੀ ਮਦਦ ਕੀਤੀ ਜਿਸ ਨੇ ਗੱਦੀ ਉੱਤੇ ਬੈਠਣ ਉਪਰੰਤ ਇਸ ਨੂੰ 1500 ਦਾ ਮਨਸਬ (ਰੈਂਕ) ਦਿੱਤਾ, ਖ਼ਾਨ ਦੀ ਉਪਾਧੀ ਅਤੇ ਜਲੰਧਰ ਦੁਆਬ ਦੀ ਫ਼ੌਜਦਾਰੀ ਦਿੱਤੀ। ਇਸ ਨੇ ਦੁਆਬ ਦੇ ਇਲਾਕੇ ਉੱਤੇ ਬੜੀ ਸਖ਼ਤੀ ਨਾਲ ਰਾਜ ਕੀਤਾ। ਇਸ ਦੀ ਸ਼ਕਤੀ ਅਤੇ ਜੋ ਡਰ ਇਸ ਨੇ ਲੋਕਾਂ ਦੇ ਦਿਲਾਂ ਵਿਚ ਬੈਠਾਇਆ ਸੀ ਦੇ ਬਾਰੇ ਮਾਅਸਿਰ-ਉਲ ਉਮਰਾ ਦੇ ਲਿਖਾਰੀ ਨੇ ਲਿਖਿਆ ਹੈ, “ਉਸ ਤੋਂ ਡਰ ਕੇ ਸ਼ੇਰ ਆਪਣੇ ਪੰਜੇ ਸੁੰਗੇੜ ਲੈਂਦਾ ਸੀ। ਕੋਈ ਵੀ ਇਸਦੇ ਇਲਾਕੇ ਵਿਚ ਆਉਣ ਦੀ ਹਿੰਮਤ ਨਹੀਂ ਕਰਦਾ ਸੀ”। “ਇਸ ਨੇ ਲੁੱਟ ਰਾਹੀਂ ਅਤੇ ਆਪਣੇ ਇਲਾਕੇ ਵਿਚ ਪਾਲੇ ਹੋਏ ਡਾਕੂਆਂ ਅਤੇ ਲੁਟੇਰਿਆ ਰਾਹੀਂ ਬਹੁਤ ਧਨ ਦੌਲਤ ਇਕੱਠੀ ਕੀਤੀ। ਜਿਵੇਂ ਕਿ 11 ਦਸੰਬਰ 1714 ਦੇ ਅਖਬਾਰ-ਇ-ਦਰਬਾਰ-ਇ ਮੁਅੱਲਾ ਦੀ ਖ਼ਬਰ ਸੰਕੇਤ ਦਿੰਦੀ ਹੈ, ਇਸ ਦੀਆਂ ਕਾਰਵਾਈਆਂ ਦੀ ਰਿਪੋਰਟ ਸ਼ਾਹੀ ਦਰਬਾਰ ਨੂੰ ਭੇਜੀ ਜਾਂਦੀ ਰਹੀ ਹੈ ਅਤੇ ਸਰਕਾਰ ਇਸਦੀ ਵਧਦੀ ਤਾਕਤ ਅਤੇ ਇਲਾਕੇ ਨੂੰ ਬਹੁਤ ਚਿੰਤਾ ਅਤੇ ਧਿਆਨ ਨਾਲ ਦੇਖ ਰਹੀ ਸੀ। ਮਹੱਤਵਾਕਾਂਖੀ ਖ਼ਾਨ ਆਪਣੇ ਆਪ ਨੂੰ ਪੰਜਾਬ ਦੇ ਗਵਰਨਰ ਅਬਦ ਉਸ-ਸਮਦ ਖ਼ਾਨ ਦਾ ਵਿਰੋਧੀ ਮੰਨਦਾ ਸੀ ਅਤੇ ਇਸ ਨੇ ਉਸ ਨੂੰ ਉਖੇੜਨ ਦਾ ਯਤਨ ਵੀ ਕੀਤਾ। 1718 ਵਿਚ, ਗਵਰਨਰ ਨੇ ਕਸੂਰ ਦੇ ਸ਼ਾਹਾਦ ਕੇਸ਼ਗੀ ਦੀ ਕਮਾਨ ਹੇਠ ਈਸਾ ਖ਼ਾਨ ਦੇ ਖਿਲਾਫ਼ ਫ਼ੌਜ ਦੇ ਕੇ ਭੇਜਿਆ। ਚੌਧਰੀ ਕਪੂਰਾ ਨੂੰ ਕਤਲ ਕਰਨ ਕਰਕੇ ਇਸ ਨਾਲ ਖਾਰ ਖਾਣ ਵਾਲੇ ਵੀ ਮੁਹਿੰਮ ਵਿਚ ਸ਼ਾਹਾਦ ਕੇਸ਼ਗੀ ਨਾਲ ਮਿਲ ਗਏ। ਦੋਵਾਂ ਦੀਆਂ ਮਿਲੀਆਂ ਫੌਜਾਂ ਨੇ ਤਿਹਾੜਾ ਤੇ ਹਮਲਾ ਕਰ ਦਿੱਤਾ ਅਤੇ ਇਸ ਤਰ੍ਹਾਂ ਜੋ ਲੜਾਈ ਹੋਈ ਉਸ ਵਿਚ ਦੋਵੇਂ ਪਿਉ ਪੁੱਤਰ ਈਸਾ ਖ਼ਾਨ ਅਤੇ ਇਸਦਾ ਪਿਉ ਦੌਲਤ ਖ਼ਾਨ ਮਾਰੇ ਗਏ।


ਲੇਖਕ : ਭ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1162, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.